top of page

ਮੌਤ ਦੇ ਬਾਅਦ: ਸੱਚਾਈ ਅਤੇ ਅਨੁਭਵ

  • Writer: Simranpreet Kaur
    Simranpreet Kaur
  • Nov 7, 2024
  • 4 min read

Updated: Mar 6

ਜਦੋਂ ਬੁਢੇਪੇ ਵਿੱਚ ਇਨਸਾਨ ਦਾ ਸਰੀਰ ਹੌਲੀ-ਹੌਲੀ ਕਮਜ਼ੋਰ ਹੋਣ ਲੱਗਦਾ ਹੈ, ਉਸਦੀ ਯਾਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ। ਉਸ ਸਮੇਂ ਬਜ਼ੁਰਗ ਨੂੰ ਦੂਜਿਆਂ ਦਾ ਸਹਾਰਾ ਚਾਹੀਦਾ ਹੁੰਦਾ ਹੈ, ਪਰ ਕੁਝ ਲੋਕ ਸਹਾਰਾ ਦੇਣ ਦੀ ਬਜਾਏ ਉਨ੍ਹਾਂ ਨੂੰ ਤਾਣੇ ਦੇਣ ਲੱਗਦੇ ਹਨ, ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਤੋਂ ਦੂਰ ਭੱਜਦੇ ਹਨ। ਜਿਵੇਂ-ਜਿਵੇਂ ਬਿਮਾਰੀ ਵੱਧਦੀ ਹੈ, ਉਸਦੇ ਸਰੀਰ ਵਿੱਚ ਹਵਾ ਠੀਕ ਤਰੀਕੇ ਨਾਲ ਨਹੀਂ ਜਾ ਪਾਉਂਦੀ, ਜਿਸ ਕਰਕੇ ਕਫ਼ ਭਰ ਜਾਂਦਾ ਹੈ ਅਤੇ ਉਸਨੂੰ ਸਾਹ ਲੈਣ ਵਿੱਚ ਦਰਦ ਹੁੰਦਾ ਹੈ। ਇਸ ਕਸ਼ਟ ਦੇ ਬਾਵਜੂਦ, ਬੁਜ਼ੁਰਗ ਦਾ ਮੋਹ ਆਪਣੇ ਬੱਚਿਆਂ, ਪਰਿਵਾਰ ਅਤੇ ਘਰ ਨਾਲ ਹੁੰਦਾ ਹੈ। ਉਹ ਸੋਚਦਾ ਹੈ ਕਿ ਸਭ ਕੁਝ ਛੁਟ ਜਾਵੇਗਾ—ਉਸਦਾ ਪਰਿਵਾਰ, ਉਸਦੇ ਬੇਟੇ—ਅਤੇ ਇਸ ਸੋਚ ਵਿੱਚ ਉਸਨੂੰ ਬਹੁਤ ਦੁਖ ਹੁੰਦਾ ਹੈ।


ਇੰਨਾ ਕੁਝ ਹੋਣ ਦੇ ਬਾਵਜੂਦ ਉਹ ਇਹ ਨਹੀਂ ਸੋਚਦਾ ਕਿ ਆਖਰੀ ਸਮੇਂ ਵਿੱਚ ਰੱਬ ਨੂੰ ਯਾਦ ਕਰ ਲਏ। ਆਪਣੇ ਘਰ-ਮਕਾਨ ਬਾਰੇ ਸੋਚਦਾ ਹੈ ਕਿ ਇੰਨਾ ਮਿਹਨਤ ਨਾਲ ਬਣਾਇਆ ਸੀ, ਇਹ ਵੀ ਛੁਟ ਜਾਵੇਗਾ। ਇਹੀ ਤਾਂ ਮੋਹ ਹੈ। ਉਹ ਇਹ ਕਦੇ ਨਹੀਂ ਸੋਚਦਾ ਕਿ ਆਖਰਕਾਰ ਉਸਨੂੰ ਮੌਤ ਦਾ ਸਾਹਮਣਾ ਕਰਨਾ ਪਏਗਾ। ਓ ਭਾਈ, ਆਖਰੀ ਸਮੇਂ ਵਿੱਚ ਜੇ ਤੁਸੀਂ ਰੱਬ ਨੂੰ ਯਾਦ ਨਹੀਂ ਕਰੋਗੇ ਤਾਂ ਫਿਰ ਰੀਂਗਦੇ ਰਹਿਣਾ ਆਪਣੇ ਘਰ ਵਿੱਚ ਹੀ ਛਿਪਕਲੀ ਬਣ ਕੇ।


ਜਦੋਂ ਫਿਰ ਯਮਰਾਜ ਦੇ ਦੂਤ ਆਉਂਦੇ ਹਨ ਉਸਨੂੰ ਲੈਣ, ਤਾਂ ਉਹਨਾਂ ਦੇ ਮੋਹ ਅਤੇ ਮਾੜੇ ਕਰਮਾਂ ਨੂੰ ਵੇਖਦੇ ਹੋਏ ਉਸਦੇ ਪ੍ਰਾਣ ਖਿੱਚਦੇ ਹਨ। ਇਨਸਾਨ ਆਪਣੀ ਪੀੜਾ ਮਹਿਸੂਸ ਕਰਦਾ ਹੈ, ਪਰ ਸੋਚਣ ਦੀ ਸ਼ਕਤੀ ਖੋ ਦਿੰਦਾ ਹੈ, ਇਸ ਲਈ ਕੋਈ ਫੈਸਲਾ ਨਹੀਂ ਕਰ ਪਾਉਂਦਾ। ਯਮਰਾਜ ਦੇ ਦੂਤਾਂ ਦੀਆਂ ਅੱਖਾਂ ਵਿੱਚ ਇੰਨਾ ਗੁੱਸਾ ਹੁੰਦਾ ਹੈ ਕਿ ਜਦੋਂ ਇਨਸਾਨ ਉਨ੍ਹਾਂ ਨੂੰ ਵੇਖਦਾ ਹੈ, ਤਾਂ ਡਰ ਦੇ ਮਾਰੇ ਆਪਣੇ ਸਰੀਰ 'ਤੇ ਨਿਯੰਤਰਣ ਨਹੀਂ ਰੱਖ ਸਕਦਾ ਅਤੇ ਮਲ-ਮੂਤਰ ਛੱਡ ਦਿੰਦਾ ਹੈ। ਇਸ ਸਮੇਂ, ਜੇ ਉਹ ਕਿਸੇ ਤਰੀਕੇ ਇੱਕ ਵਾਰੀ ਵੀ ਪ੍ਰਭੂ ਦਾ ਨਾਮ ਲੈ ਲਵੇ, ਤਾਂ ਯਮਦੂਤ ਉਥੋਂ ਭੱਜ ਜਾਂਦੇ ਅਤੇ ਉਹ ਬਚ ਸਕਦਾ।


ਮੌਤ ਦੇ ਬਾਅਦ ਜਿਵੇਂ ਕੋਈ ਵੱਡੇ ਅਪਰਾਧੀ ਨੂੰ ਪੁਲਿਸ ਬੰਨ੍ਹ ਕੇ ਲੈ ਜਾਂਦੀ ਹੈ, ਉਸੇ ਤਰ੍ਹਾਂ ਉਸਨੂੰ ਯਮਲੋਕ ਦੀ ਲੰਬੀ ਯਾਤਰਾ ਕਰਾਈ ਜਾਂਦੀ ਹੈ। ਰਸਤੇ ਵਿੱਚ ਉਸਨੂੰ ਮਾਰ ਪੈਂਦੀ ਹੈ, ਉਸਨੂੰ ਪਿਆਸ ਲੱਗਦੀ ਹੈ, ਪਰ ਪਾਣੀ ਨਹੀਂ ਮਿਲਦਾ। ਤਪਦੀ ਹੋਈ ਜਮੀਨ 'ਤੇ ਚਲਾਇਆ ਜਾਂਦਾ ਹੈ, ਕੁੱਤੇ ਨੋਚਦੇ ਹਨ। ਉਹ ਵਿਅਕੁਲ ਹੋ ਜਾਂਦਾ ਹੈ। ਭੁੱਖ ਅਤੇ ਪਿਆਸ ਉਸਨੂੰ ਬੇਚੈਨ ਕਰ ਦਿੰਦੇ ਹਨ।


ਜੇ ਅਸੀਂ ਧਰਤੀ ਤੇ ਕਿਸੇ ਦੀ ਭੁੱਖ ਨਹੀਂ ਮਿਟਾਈ, ਤਾਂ ਜਦੋਂ ਸਾਨੂੰ ਲੋੜ ਹੋਵੇਗੀ, ਤਾਂ ਕੋਈ ਵੀ ਮਦਦ ਨਹੀਂ ਕਰੇਗਾ। ਜੇ ਅਸੀਂ ਕਿਸੇ ਨੂੰ ਪਾਣੀ ਨਹੀਂ ਦਿੱਤਾ, ਤਾਂ ਸਾਨੂੰ ਵੀ ਜਦੋਂ ਪਾਣੀ ਦੀ ਲੋੜ ਹੋਏਗੀ, ਤਾਂ ਇੱਕ ਬੂੰਦ ਵੀ ਨਹੀਂ ਮਿਲੇਗੀ। ਸਾਨੂੰ ਉਹੀ ਮਿਲੇਗਾ ਜੋ ਅਸੀਂ ਦੂਜਿਆਂ ਨਾਲ ਕਰਦੇ ਆਏ ਜਾਂ ਕਿਸੇ ਦਾ ਮਾੜਾ ਕੀਤਾ ਤਾਂ ਸਾਨੂੰ ਵੀ ਭੋਗਣਾ ਪਵੇਗਾ।

ਇਸ ਦੁਨੀਆ ਵਿੱਚ ਤਾਂ ਫਿਰ ਵੀ ਕਈ ਲੋਕਾਂ ਵਿੱਚ ਦਇਆ ਹੈ, ਦਿਲ ਹਨ। ਪਰ ਉੱਥੇ ਕੋਈ ਦਇਆ ਨਹੀਂ ਕੀਤੀ ਜਾਵੇਗੀ, ਉਹਨਾਂ ਦਾ ਹਿਰਦਾ ਹੀ ਨਹੀਂ ਹੈ। ਇਸ ਦੁਨੀਆ ਵਿੱਚ ਜੇ ਤੁਸੀਂ ਕਿਸੇ ਦਾ ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾਓ, ਤਾਂ ਉਹ ਮਰ ਸਕਦਾ ਹੈ, ਪਰ ਉੱਥੇ ਐਵੇਂ ਨਹੀਂ ਹੁੰਦਾ। ਉੱਥੇ ਬਾਰ-ਬਾਰ ਕੱਟਿਆ ਵਡਿਆ ਜਾਵੇਗਾ, ਪਰ ਮਰੋਗੇ ਨਹੀਂ। ਦਰਦ ਓਸੇ ਤਰ੍ਹਾਂ ਹੀ ਹੋਵੇਗਾ, ਬਹੁਤ ਭਿਆਨਕ ਕਸ਼ਟਾਂ ਨੂੰ ਭੋਗਣਾ ਪੈਂਦਾ।


ਜਿਹੜੇ ਲੋਕ ਚੰਗੇ ਕਰਮ ਕਰਦੇ ਹਨ, ਉਹਨਾਂ ਨੂੰ ਉਨ੍ਹਾਂ ਦੇ ਕਰਮਾਂ ਦਾ ਫਲ ਮਿਲਦਾ ਹੈ। ਇਹ ਸੰਤੋਸ਼, ਆਰਾਮ ਜਾਂ ਦੁਨੀਆ ਵਿੱਚ ਖੁਸ਼ਹਾਲੀ ਦੇ ਰੂਪ ਵਿੱਚ ਹੋ ਸਕਦਾ ਹੈ। ਪਰ ਜਦੋਂ ਉਨ੍ਹਾਂ ਦੇ ਕਰਮਾਂ ਦੇ ਪੁੰਨ (ਚੰਗੇ ਕਰਮਾਂ ਦੇ ਨਤੀਜੇ) ਖਤਮ ਹੋ ਜਾਂਦੇ ਹਨ, ਤਾਂ ਉਹਨਾਂ ਨੂੰ ਦੁਬਾਰਾ ਜਨਮ ਲੈਣਾ ਪੈਂਦਾ ਹੈ। ਇਸਦਾ ਕਾਰਨ ਇਹ ਹੈ ਕਿ ਜੇਕਰ ਉਹਨਾਂ ਨੇ ਰੱਬ ਦੀ ਭਗਤੀ ਜਾਂ ਨਾਮ ਜਾਪ ਨਹੀਂ ਕੀਤਾ, ਤਾਂ ਉਹਨਾਂ ਦੀ ਆਤਮਾ ਨੂੰ ਮੁਕਤੀ ਨਹੀਂ ਮਿਲਦੀ ਅਤੇ ਉਹ ਦੁਨੀਆ ਵਿੱਚ ਮੁੜ ਆਉਂਦੇ ਹਨ। ਇਹ ਦਰਸਾਉਂਦਾ ਹੈ ਕਿ ਰੱਬ ਦੀ ਭਗਤੀ ਅਤੇ ਸੁਕਰਮ ਜ਼ਿੰਦਗੀ ਦੇ ਮੁੱਖ ਅੰਗ ਹਨ, ਜੋ ਜੀਵਾਂ ਨੂੰ ਆਤਮਿਕ ਉਚਾਈ ਅਤੇ ਮੁਕਤੀ ਦਿੰਦੇ ਹਨ।


ਇਸ ਤੋਂ ਬਾਅਦ ਗਰਭ ਵਿੱਚ ਆਤਮਾ ਦੇ ਜੀਵਨ ਦਾ ਵੀ ਵਿਸਥਾਰ ਨਾਲ ਵਰਣਨ ਹੈ। ਪੰਜਵੇਂ ਮਹੀਨੇ ਵਿੱਚ ਉਸਦੀ ਚੇਤਨਾ ਜਾਗਰੂਕ ਹੁੰਦੀ ਹੈ, ਅਤੇ ਉਸਨੂੰ ਆਪਣੇ ਪਿਛਲੇ ਜਨਮ ਦੇ ਕਰਮਾਂ ਦਾ ਅਹਿਸਾਸ ਹੁੰਦਾ ਹੈ। ਉਹ ਰੱਬ ਨੂੰ ਬੇਨਤੀ ਕਰਦਾ ਹੈ ਅਤੇ ਕਸਮ ਖਾਂਦਾ ਹੈ ਕਿ "ਹੇ ਪ੍ਰਭੂ, ਇੱਕ ਵਾਰੀ ਇਥੋਂ ਕੱਢ ਦਿਓ, ਮੈਂ ਤੁਹਾਡਾ ਭਜਨ ਕਰਾਂਗਾ। "ਜਿਵੇਂ ਜੀਵਿਤ ਕਿਸੇ ਦੀ ਚਮੜੀ ਉਤਾਰੀ ਜਾਵੇ, ਐਸਾ ਮਾਂ ਦੇ ਗਰਭ ਤੋਂ ਨਿਕਲਦੇ ਸਮੇਂ ਉਸਨੂੰ ਕਸ਼ਟ ਹੁੰਦਾ ਹੈ। ਜਦੋਂ ਉਹ ਗਰਭ ਤੋਂ ਬਾਹਰ ਆਉਂਦਾ ਹੈ, ਤਾਂ ਸਭ ਕੁੱਝ ਭੁੱਲ ਜਾਂਦਾ ਹੈ। ਉਸਦਾ ਮਨ ਰੱਬ ਨਾਲ ਗਰਭ ਵਿੱਚ ਲੱਗਾ ਹੋਇਆ ਸੀ, ਪਰ ਬਾਹਰ ਆਉਂਦੇ ਹੀ ਰੋਣ ਲੱਗਦਾ ਹੈ ਅਤੇ ਕਹਿੰਦਾ ਹੈ, "ਰੱਬ, ਪਹਿਲਾਂ ਮੈਨੂੰ ਸਭ ਯਾਦ ਸੀ—ਤੁਹਾਡਾ ਗਿਆਨ, ਤੁਹਾਡੀ ਕ੍ਰਿਪਾ, ਤੁਹਾਡੇ ਨਾਲ ਲਿਵ ਜੁੜੀ ਹੋਈ ਸੀ, ਪਰ ਦੁਨੀਆ ਚ ਆਕੇ ਲਿਵ ਟੁੱਟ ਗਈ ਹੈ। ਇਥੇ ਲੋਕ ਮੇਰੀ ਆਵਾਜ਼ 'ਤੇ ਖੁਸ਼ੀਆਂ ਮਨਾ ਰਹੇ ਹਨ, ਪਰ ਮੈਂ ਰੋ ਰਿਹਾ ਹਾਂ। ਤੁਹਾਡੇ ਹੋਣ ਦਾ ਅਹਿਸਾਸ, ਤੁਹਾਡੇ ਦਿੱਤੇ ਹੋਏ ਸਾਰੇ ਗਿਆਨ ਖੋ ਗਿਆ ਹੈ। ਉਹ ਗਿਆਨ ਕਿੱਥੇ ਗਿਆ, ਪ੍ਰਭੂ? ਪਹਿਲਾਂ ਸਭ ਕੁਝ ਸਮਝ ਆਉਂਦਾ ਸੀ, ਪਰ ਹੁਣ ਕੁਝ ਨਹੀਂ। ਮੈਂ ਫਿਰ ਅਗਿਆਨ ਵਿੱਚ ਫਸ ਗਿਆ ਹਾਂ।


ਘਰ-ਪਰਿਵਾਰ ਦੇ ਲੋਕ ਉਸਦਾ ਪਾਲਣ-ਪੋਸ਼ਣ ਕਰਦੇ ਹਨ। ਮੱਛਰ ਕੱਟ ਰਿਹਾ ਹੈ, ਦੁੱਖ ਹੋ ਰਿਹਾ ਹੈ, ਪਰ ਉਹ ਹਟਾ ਨਹੀਂ ਸਕਦਾ; ਬਾਲਕ ਬਸ ਰੋ ਸਕਦਾ ਹੈ। ਨਾ ਖੁਜਲਾਉਣ ਦੀ, ਨਾ ਕਰਵਟ ਬਦਲਣ ਦੀ, ਉਠਣ ਦੀ ਕੋਈ ਸਮਰੱਥਾ ਨਹੀਂ। ਜਿਵੇਂ-ਜਿਵੇਂ ਉਮਰ ਵੱਧਦੀ ਤਾਂ ਹੋਰ ਵੀ ਤਜਰਬੇ ਕਰਦੇ ਹਾਂ, ਆਪਣੇ ਪੁਰਾਣੇ ਕਰਮਾਂ ਅਨੁਸਾਰ...!

ਗਿਆਨ ਕਦੇ ਗੁੰਮ ਨਹੀਂ ਹੁੰਦਾ, ਸਿਰਫ਼ ਮਨ ਤੇ ਮਾਇਆ ਦਾ ਪਰਦਾ ਪੈਣ ਕਰਕੇ ਅਸੀਂ ਭੁੱਲ ਜਾਣੇ ਹਾਂ। ਜਿਵੇਂ ਆਕਾਸ਼ 'ਚ ਕਾਲੇ ਬੱਦਲ ਆਉਂਦੇ ਹਨ, ਪਰ ਸੂਰਜ ਹਮੇਸ਼ਾ ਮੌਜੂਦ ਹੁੰਦਾ ਹੈ, ਏਦਾਂ ਹੀ ਸਾਡਾ ਗਿਆਨ ਸਾਡੀ ਆਤਮਿਕ ਜੋਤ ਹਮੇਸ਼ਾ ਮੌਜੂਦ ਹੈ, ਬੱਸ ਅਜੇ ਮਾਇਆ ਦੇ ਪਰਦੇ ਕਰਕੇ ਸਾਨੂੰ ਉਹ ਦਿਸ ਨਹੀਂ ਰਹੀ।। ਪਰ ਓਸਨੂੰ ਆਪਣੇ ਅੰਦਰੋਂ ਲੱਭਣਾ ਪਵੇਗਾ ਜਦੋਂ ਅਸੀਂ ਪਰਮਾਤਮਾ ਨਾਲ ਜੁੜਨਾ ਸ਼ੁਰੂ ਕਰਦੇ ਹਾਂ ਤਾਂ ਹੋਲੀ-ਹੋਲੀ ਇਹ ਪਰਦਾ ਹਟਣਾ ਸ਼ੁਰੂ ਹੋ ਜਾਵੇਗਾ। ਜੀਵਨ ਵਿੱਚ ਸਹੀ ਦਿਸ਼ਾ ਤੇ ਮਕਸਦ ਖੁੱਲ੍ਹ ਕੇ ਦਿਸਣ ਲੱਗਣਗੇ, ਆਤਮਿਕ ਬਲ ਵਧੇਗਾ ਇਸ ਨਾਲ ਆਪਣੇ ਪਾਪ ਨਸ਼ਟ ਕਰ ਸਕਦੇ ਹਾਂ ਅਤੇ ਜਨਮ-ਮਰਨ ਦੇ ਚੱਕਰ ਤੋਂ ਮੁਕਤ ਹੋ ਸਕਦੇ ਹਾਂ, ਪਰ ਇਹ ਸੰਭਵ ਤਦ ਹੀ ਹੈ, ਜਦੋਂ ਅਸੀਂ ਪਰਮਾਤਮਾ ਦੇ ਨਾਮ ਨਾਲ ਜੁੜਦੇ ਹਾਂ।














 
 

Beyond the Seen, one story at a time.

When nothing is found outside, the search finally turns inward---beyond form, beyond the visible, into the unseen depths where the true essence lies hidden.

Real Life Thrills

Stay Connected

© 2025 Real Life Thrills. Where passion meets mystery.

bottom of page